Story

ਜਿਵੇਂ ਜਿਵੇਂ ਉਮਰ ਗੂੜ੍ਹੀ ਹੋ ਰਹੀ ਸੀ ਉਵੇਂ ਹੀ ਜਾਪਦਾ ਸੀ ਮੈਨੂੰ ਹੁਣ ਕੁੱਛ ਵੀ ਨਹੀਂ ਪਤਾ। ਮੈਂ ਅਕਸਰ ਸੋਚਦਾ ਕੀ ਮਿੱਟੀ ਦੇ ਥੱਲੇ ਰਹਿੰਦੇ ਜੀੳ, ਜਾਂ ਪਾਣੀ ਵਿੱਚ ਰਹਿੰਦੀਆਂ ਮੱਛੀਆਂ, ਦਿਨ ਦਾ ਚੜਨਾ ਜਾਂ ਰਾਤ ਪੈਣੀ, ਠੰਡ ਜਾਂ ਗਰਮੀ ਨੂੰ, ਕਿੱਦਾਂ ਮਹਿਸੂਸ ਕਰਦੇ ਨੇ? ਕੀ ਨਜ਼ਰੀਆ ਹੈ ਕੁਦਰਤ ਦਾ ਇੱਕ ਦੂਜੇ ਲਈ? ਮੈਨੂੰ ਧੜਕਨਾਂ ਦੇ ਵਿਚਲੀ ਚੁੱਪੀ ਨੂੰ ਸੁਨਣ ਦਾ ਬੜਾ ਸ਼ੌਕ ਹੈ...ਚੋਭ ਤੇ ਹੁੰਗਾਰੇ ਵਿਚਲੀ ਰਹਾਉ ਵਿੱਚ ਬੜਾ ਰਹੱਸ ਛੁਪਿਆ ਹੁੰਦਾ ਹੈ। ਮੈਂ ਥੋੜੇ ਚਿਰ ਤੋਂ ਆਪਣੇ ਸੈੱਲ ਫੌਨ ‘ਤੇ ਫੋਟੋਆਂ ਖਿੱਚਦਾ ਸੀ ਪਰ ਉਹਨਾਂ ਵਿੱਚ ਡੁੰਘਾਈ ਨਹੀਂ ਸੀ ਹੁੰਦੀ। ਮੇਰਾ ਇਹ ਵੀ ਸੁਭਾਅ ਹੈ ਕੀ ਮੈਂ ਵੱਡੀਆਂ ਗੱਲਾਂ ਨੂੰ ਛੋਟੀਆਂ ਕਰਕੇ ਦੇਖਦਾ ਤੇ ਛੋਟੀਆਂ ਨੂੰ ਵੱਡੀਆਂ ਕਰਕੇ। ਇਸ ਨਾਲ ਮੈਂ ਕਦੇ ਉਸ ਨੂੰ ਆਪਣੇ ਅੰਦਰ ਲਿਆ ਕੇ ਤੇ ਕਦੇ ਖੁੱਦ ਬਾਹਰ ਜਾ ਕੇ ਆਪਣੇ ਆਪ ਨੂੰ ਰੰਗਦਾ ਹਾਂ।

ਮੇਰੇ ਇੱਕ ਮਿੱਤਰ ਨੇ ਮੈਨੂੰ ਇੱਕ ਕੈਮਰਾ ਤੋਹਫ਼ੇ ਦੇ ਤੌਰ ਦੇ ਦਿੱਤਾ ਤੇ ਇਉਂ ਹੋਇਆ ਜਿਵੇਂ ਕਿਸੇ ਨੇ ਘੱਟ ਨਿਗਾਹ ਵਾਲੇ ਨੂੰ ਐਨਕਾਂ ਦੇ ਦਿੱਤੀਆਂ ਹੋਣ। ਆਦਤ ਮੁਤਾਬਕ ਜਿਹੜੀ ਸੋਚ ਞਨੇ ਫੜ ਲਿਆ ਉਸਦੀ ਮੌਜ ਲਵਾ ਦੇਣੀ। ਮੈਨੂੰ ਸੁਪਨਾ ਆਇਆ ਕਿ ਜਿਵੇਂ ਕਿਸੇ ਨੇ ਆਵਾਜ਼ ਦਿੱਤੀ ਹੋਵੇ “ਮੈਂ ਵੀ” ਮੇਰੀ ਅਚਨਚੇਤੀ ਨੀਂਦ ਬੁਝ ਗਈ ਤੇ ਪਤਾ ਹੀ ਨਹੀਂ ਲੱਗਾ ਕੀ ਕਦੋਂ ਪਿੰਡੇ ‘ਤੇ ਤੋਲੀਆਂ ਫੇਰ, ਤਸਮੇ ਬੰਨ, ਅੱਧ ਪਚੱਧੀ ਜਿਹੀ ਕਾਹਲੀ ਕਾਹਲੀ ਚਾਹ ਦਾ ਘੁੱਟ ਭਰਦਾ ਭਰਦਾ, ਕਦੋਂ ਚੜ੍ਹਦੇ ਸੂਰਜ ਨਾਲ ਗੱਲਾਂ ਕਰਨ ਲੱਗ ਪਿਆ। ਮੈਂ ਗੱਡੀ ਖੜੀ ਕਰਕੇ ਕੈਮਰਾ ਤੇ ਟਰਾਈਪੋਡ ਚੱਕ ਕੇ ਜਦ ਦੇਖਿਆ ਤਾਂ ਪਤਾ ਹੀ ਨਹੀਂ ਲੱਗਾ ਕੀ ਘਰ ਤੋ ਦੂਰ...ਬਾਸਟਨ ਬਾਰ ਪਹੁੰਚ ਗਿਆ।

ਫਾਦਰ ਡੈਅ ਹੋਣ ਕਰਕੇ ਸ਼ਾਇਦ ਪਾਰਕਿੰਗ ਲਾਟ ਆਬਾਦ ਨਹੀਂ ਸੀ। ਖ਼ੈਰ ਮੈਂ ਟਿੱਕਟ ਖਰੀਦ ਕੇ ਗੰਡੋਲੇ ‘ਚ ਵੜਦਿਆਂ ਗਾਇਡ ਨੂੰ ਹਲਕੀ ਜਿਹੀ ਹੌਲੋ ਕੀਤੀ ਤੇ ਸ਼ਾਇਦ ਉਹ ਵੀ ਆਪਣੀਆਂ ਚਿਹਰੇ ਦੀਆਂ ਪਰਤਾਂ ਨੂੰ ਘਰੇ ਲਾਹ ਕੇ ਆਇਆ ਸੀ ਤੇ ਉਸ ਕਿਹਾ, “please come”. ਜਦੋਂ ਉਸਨੇ ਦਰਵਾਜ਼ਾ ਬੰਦ ਕਰਨਾ ਚਾਹਿਆ ਤੇ ਇੱਕ ਮਿੱਠੀ ਜਿਹੀ ਆਵਾਜ਼ ਆਈ, “ਮੈਂ ਵੀ”। ਐਨੇ ਨੂੰ ਇੱਕ ਔਰਤ ਨੇ ਹੋਲੀ ਹੋਲੀ ਆਪਣੇ ਆਪ ਨੂੰ ਮੇਰੇ ਸਾਹਮਣੇ ਲਿਆ ਖੜਾ ਕੀਤਾ। ਅਸੀਂ ਗੰਡੋਲੇ ਵਿੱਚ ਤਿੰਨ ਜੀਅ ਸਾਂ। ਫੇਰ ਇੱਕ ਪੋਲੇ ਜਿਹੇ ਹੁਜਕੇ ਨਾਲ ਪਾਣੀ ਦੇ ਸ਼ੋਰ ਦੀ ਬੰਨੀ ਹੋਈ ਤਾਰ ਤੇ ਲਟਕਦਾ ਉੱਡਣ ਲੱਗ ਲਿਆ। ਮੈਂ ਛੋਟੇ ਹੁੰਦੇ ਗੁੱਡੀਆਂ ਪਤੰਗ ਚੜ੍ਹਾਏ ਸਨ ਤੇ ਅੱਜ ਮਹਿਸੂਸ ਹੋ ਰਿਹਾ ਸੀ ਕੀ ਪਤੰਗ ਨੂੰ ਜਦ ਤੁਣਕੇ ਮਾਰਨੇ ਜਾਂ ਢਿੱਲ ਦੇਣੀ ਤਾਂ ਉਹ ਕਿਵੇਂ ਮਹਿਸੂਸ ਕਰਦਾ ਹੋਊ। ਸਰੋ ਸਰੀ ਹੈਲੋ ਤੋਂ ਬਾਅਦ ਇੱਕ ਦਮ ਉਸ ਔਰਤ ਨਾਲ ਮੈਂ ਇਉਂ ਗੱਲ ਕਰਨ ਲੱਗ ਲਿਆ ਜਿਵੇਂ ਸਾਡੀ ਕੋਈ ਬਹੁਤ ਮੁੱਦਤਾਂ ਦੀ ਪਹਿਚਾਣ ਹੋਵੇ। ਉਸਨੇ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਹੋਇਆ 7 ਸਾਲ ਹੋ ਗਏ ਨੇ। ਹਰ ਸਾਲ ਉਸਦਾ ਬਾਪ ਉਸਨੂੰ ਫਾਦਰ ਡੈਅ ਵਾਲੇ ਦਿਨ ਇਸ ਜਗ੍ਹਾ ਤੇ ਲੈ ਕੇ ਆਉਂਦਾ ਸੀ। ਪਰ ਉਸਦੇ ਜਾਣ ਤੋਂ ਬਾਅਦ ਉਸ ਧੀ ਨੇ ਇਹ ਰਵਾਇਤ ਜਿਉਂਦੀ ਰੱਖੀ ਸੀ। ਮੈਨੂੰ ਇਉਂ ਲੱਗਾਂ ਹੀ ਨਹੀਂ ਕਿ ਉਹ ਮੇਰੇ ਤੋਂ ਵੱਡੀ ਹੈ। ਮੈਂ ਉਸ ਨਾਲ ਇਉਂ ਹਾਸਾ ਮਖੌਲ ਕਰ ਰਿਹਾ ਸੀ ਜਿਵੇ ਉਹ ਮੇਰੀ ਨਿੱਕੀ ਲਾਡੋ ਹੋਵੇ। ਮੈਨੂੰ ਇਉਂ ਲੱਗਾਂ ਕਿ ਅੱਜ ਮੇਰੀ ਮਾਂ ਮੈਨੂੰ ਮੌ ਸਾਬ ਦੇ ਮੇਲੇ ਤੇ ਨਹੀਂ ਲਿਆਈ ਸਗੋਂ ਮੇਰੇ ਨਾਨਾ ਜੀ ਮੇਰੀ ਮਾਂ ਨੂੰ ਲੈ ਕੇ ਆਏ ਹਨ।

ਐਨੇ ਨੂੰ ਅਸੀਂ ਪਾਣੀ ਦੇ ਉਸ ਚੀਰਦੇ ਵਹਾ ਦੇ ਉੱਤੋਂ ਲੰਘ ਅਸੀਂ ਹਲਕੇ ਜਿਹੇ ਹਿਚਕੋਲੇ ਨਾਲ ਰੁਕ ਗਏ। ਦਰਵਾਜ਼ਾ ਖੁੱਲਾਂ ਤੇ ਮੈਂ ਉਹਨਾਂ ਨੂੰ ਆਦਰ ਨਾਲ ਇਸ਼ਾਰਾ ਕੀਤਾ ਪਹਿਲਾ ਤੁਸੀਂ। ਮੇਰਾ ਧਿਆਨ ਕੈਮਰੇ ਵੱਲ ਟਿੱਕ ਗਿਆ ਤੇ ਮੈਂ ਸੋਚਿਆ ਅੱਜ ਸੁੰਨੀ ਪਹਾੜੀ ਤੇ ਮਿੱਠੀ ਰੁਮਕਦੀ ਹਵਾ ਵਿੱਚ ਝੂਮਦੇ ਦਰਖ਼ਤਾਂ ਦੇ ਪੈਰਾਂ ਹੇਠ ਧਮਾਲਾਂ ਪਾਉਂਦੇ ਪਾਣੀ ਦੇ ਵੇਗ ਦੀਆਂ ਸਤਰਾਂ ਨੂੰ ਕੈਮਰਾ ਬੰਦ ਕਰ ਲੈਣਾ ਹੈ। ਕਾਫ਼ੀ ਤਸਵੀਰਾਂ ਲੈਣ ਤੋਂ ਬਾਅਦ ਮੈਂ ਇਕ ਲੱਕੜ ਦੇ ਬਣੇ ਬੈਂਚ ਤੇ ਬੈਠ ਗਿਆ। ਉਹਦੇ ਪਿੰਡੇ ਤੇ ਕਾਫ਼ੀ ਝਰੀਟਾਂ ਸਨ ਸ਼ਾਇਦ ਆਉਣ ਜਾਣ ਵਾਲਿਆਂ ਆਪਣੇ ਨਾਂ ਤੇ ਸੁਨੇਹੇ ਵੀ ਲਿਖੇ ਹੋਏ ਸਨ। ਛੋਟੇ ਵੱਡੇ ਦਿਲ ਬਣਾ ਕੇ ਕਈਆਂ ਨੇ ਅਰਦਾਸਾਂ ਕੀਤੀਆਂ ਹੋਈਆਂ ਸੀ ਤੇ ਕਈਆਂ ਨੇ ਆਪਣੀ ਮਾਂ ਬੋਲੀ ਵਿੱਚ ਚੰਦ ਗਾਲਾਂ ਵੀ ਲਿਖੀਆਂ ਹੋਈਆਂ ਸਨ। ਇਸ ਤੋਂ ਉਹਨਾਂ ਦੇ ਵਿਚਲੇ ਰਿਸ਼ਤਿਆਂ ਦਾ ਵੀ ਪਤਾ ਲਗਦਾ ਸੀ ਕੀ ਉਹਨਾਂ ਵਿੱਚ ਕਿੰਨਾ ਨਿੱਘ ਹੈ ਤੈ ਕਿੰਨਾ ਭਰੋਸਾ। ਅਚਨਚੇਤ ਜਿਵੇਂ ਹਿੱਲਦੇ ਪੱਤੇ ਨੇ ਝੂਮਣਾ ਬੰਦ ਕਰ ਦਿੱਤਾ ਤੇ ਪਾਣੀਆਂ ਦੀ ਛੱਲਾਂ ਨੇ ਜਿਵੇਂ ਸਾਹ ਰੋਕ ਲਿਆ ਹੋਵੇ ਤੇ ਉਹ ਬੈਠਾ ਕਾਂ ਜਿਵੇਂ ਜਾਗਦਾ ਹੀ ਸੌ ਗਿਆ ਹੋਵੇ ਤੇ ਉਹ ਸਿਆਣੀ ਬਾਲੜੀ ਦੇ ਹਾਸਿਆਂ ਨੇ ਜਿਵੇਂ ਸਾਰੀ ਕਾਇਨਾਤ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੋਵੇ।

ਸ਼ਾਇਦ ਉਹ ਤਾਂ ਮੁਸਕਰਾਉਂਦੀ ਹੋਈ ਆਪਣੇ ਬਾਪ ਦਾ ਅਕਸ ਬਣਾ ਰਹੀ ਹੋਵੇ ਪਰ ਕਾਇਨਾਤ ਨੇ ਜਿਵੇਂ ਰੁਕ ਕੇ ਮੈਨੂੰ ਕਿਹਾ ਹੋਵੇ ਤੂੰ ਅੱਜ ਉਹਨੂੰ ਮਿਲਣ ਆਇਆਂ? ਮੈਂ ਵੀ ਸੋਚਾਂ ਵਿੱਚ ਪੈ ਗਿਆ ਕਿ ਮੈਂ ਸਰੀ ਤੋਂ ਐਨੀ ਦੂਰ ਕਿਉਂ ਤੇ ਕਿਵੇਂ ਆ ਗਿਆ। ਸ਼ਾਇਦ ਫ਼ਰਜ਼ ਜਿਉਂ ਨਿਭਾਉਣਾ ਸੀ। ਮੈਂ ਕਾਹਲੀ ਦੇਣਾ ਉੱਠਿਆ ਤੇ ਗਿਫਟ ਸ਼ਾਪ ਦੇ ਵਿੱਚ ਪਤਾ ਹੀ ਨਹੀਂ ਲੱਗਾ ਕੀ ਕਦੋਂ ਪੈਸੇ ਦੇ ਕੇ ਇੱਕ ਤੋਹਫ਼ਾ ਉਸਦੇ ਲਈ ਚੱਕ ਲਿਆ। ਮੈਂ ਆਦਰ ਨਾਲ ਉਸਦਾ ਧਿਆਨ ਮੰਗਿਆ ਤੇ ਉਹਨੇ ਪੁੱਛਿਆ, “Is everything okay?”. ਮੈਂ ਕਿਹਾ ਇਹ souvenir ਤੁਹਾਡੇ ਪਿਤਾ ਜੀ ਵੱਲੋਂ ਮੈਂ ਤੁਹਾਨੂੰ ਦੇਣਾ ਚਾਹੁੰਦਾ ਤੇ ਉਹਨੇ ਉਹ ਸੁਗ਼ਾਤ ਇਉਂ ਕਾਹਲੀ ਨਾਲ ਫੜੀ ਜਿਵੇਂ ਉਹ ਮੇਰੀ ਨਿੱਕੀ ਧੀ ਹੋਵੇ। ਪਹਿਲਾ ਖੁਸ਼ ਹੋਈ ਤੇ ਫੇਰ ਰੁਕ ਕੇ ਪੱਛਣ ਲੱਗੀ ਤਾਂ ਮੈਂ ਇਸ਼ਾਰੇ ਵਿੱਚ ਦੋਵੇਂ ਪਲਕਾਂ ਹੇਠਾਂ ਕਰਦਿਆਂ ਕਿਹਾ, “please!” ਮੈਂ ਉਸਦੇ ਸਿਰ ਤੇ ਹੱਥ ਰੱਖਿਆ ਤੇ ਪਤਾ ਨਹੀਂ ਕਿਉਂ ਮੈਂ ਚਾਹੁੰਦਾ ਸੀ ਕਿ ਉਹ ਆਪਣੇ ਬਾਪ ਨਾਲ ਚੰਗੀ ਤਰ੍ਹਾਂ ਗੱਲਾਂ ਕਰ ਲਵੇ। ਤੇ ਪਤਾ ਹੀ ਨਹੀਂ ਲੱਗਾ ਕੀ ਕਦੋਂ ਮੈਂ ਗੰਡੋਲੇ ਵਿੱਚ ਉਸ ਤੋਂ ਵਿਦਾਈ ਲੈ, ਗੱਡੀ ਹਾਇਵੇ ਤੇ ਪਾ ਲਈ। ਘਰ ਵੜਦਿਆਂ ਸੁਭਾਅ ਮੁਤਾਬਿਕ ਇੱਕ ਜੁੱਤੀ ਕਿਤੇ ਦੂਜੀ ਕਿਤੇ ਤੇ ਲਾਹ ਕੰਪਿਊਟਰ ਤੇ ਮੈਂ ਤਸਵੀਰਾਂ ਉਤਾਰਨ ਲੱਗ ਪਿਆ ਤੇ ਖਿਆਲ ਆਇਆ ਕੀ ਉਸਦੀ ਤਸਵੀਰ ਤਾਂ ਮੈਂ ਲਾਹੀ ਹੀ ਨਹੀਂ! ਪਰ ਕਈ ਤਸਵੀਰਾਂ ਲਾਹੁਣ ਦੀ ਲੋੜ ਨਹੀਂ ਪੈਂਦੀ। ਉਹ ਅੋਕਣੇ ਹੀ ਬੱਸ ਜਾਂਦੀਆਂ ਹਨ। ਐਨੇ ਨੂੰ ਚੁੱਲ੍ਹੇ ਦੇ ਬਲਨ ਦੀ ਆਵਾਜ਼ ਆਈ ਪਤੀਲੇ ਵਿੱਚ ਪਾਣੀ ਪਾਉਂਦਿਆਂ ਮਾਂ ਨੇ ਮੇਰੇ ਵੱਲ ਦੇਖਿਆ ਤੇ ਮੈਂ ਠੋਡੀ ਹਿਲਾ ਕੇ ਕਿਹਾ, “ਮੈਂ ਵੀ!”