ਬੀਜੀ!
ਇਹਨੂੰ ਸਾਏ ਨੂੰ ਤੁਸੀਂ ਰੱਖੋ...“ਇਹਨੇ ਨੀ ਜਾਣਾ ਸਾਡੇ ਨਾਲ”, ਤੇ ਇਹਨਾਂ ਪੰਜ ਲਫ਼ਜ਼ਾਂ ਨਾਲ ਮੈਂ ਆਪਣੀ ਦਾਦੀ ਜੀ ਦਾ ਪੋਤਰਾ ਉਹਨਾਂ ਦਾ ਪੁੱਤ ਹੋ ਗਿਆ। ਕਦੇ ਵੀ ਕਿਸੇ ਨੇ ਮੈਨੂੰ ਕੁੱਛ ਕਹਿਣਾ ਤਾਂ ਸਾਡੀ ਦਾਦੀ ਨੇ ਕਹਿਣਾ, “ਖ਼ਬਰਦਾਰ ਜੇ ਕੁੱਛ ਕਿਹਾ ਬੋਬਨ ਨੂੰ …ਜੀਤ ਜਾਂਦਾ ਹੋਇਆ ਇਹਨੂੰ ਮੇਰੀ ਝੋਲੀ ਪਾ ਕੇ ਗਿਆ ਸੀ” ਤੇ ਇਉਂ ਸਾਡੇ ਪਿਤਾ ਜੀ, ਮਾਂ ਤੇ ਮੇਰੀ ਨਿੱਕੀ ਭੈਣ ਜਾਵਾ ਮੋਟਰ ਸਾਈਕਲ ‘ਤੇ ਬਹਿ ਅੱਖੋਂ ਓਹਲੇ ਹੋ ਗਏ।
ਜਦ ਨੀਂਦ ਖੁੱਲ੍ਹੀ ਤਾਂ ਮੇਰਾ ਪਿਤਾ ਜੀ ਮੰਜੇ ‘ਤੇ ਸੌ ਰਹੇ ਸੀ ਤੇ ਆਲੇ ਦੁਆਲੇ ਬਹੁਤ ਨਜ਼ਦੀਕੀ ਇਕੱਠੇ ਹੋਏ ਸੀ। ਮੈਂ ਸੋਚ ਰਿਹਾ ਸੀ ਕਿ ਐਨੇ ਰੋਲੇ ਵਿੱਚ ਕੋਣ ਕਿਵੇਂ ਐਦਾਂ ਸੌ ਸਕਦਾ ਹੈ ਪਰ ਪਹਿਲਾਂ ਵੀ ਉਹ ਸੌਣ ਦਾ ਸਵਾਂਗ ਜਿਹਾ ਕਰਦੇ ਹੁੰਦੇ ਸੀ ਸਾਹ ਜਿਹਾ ਖਿੱਚ ਕੇ ਲੰਮੇ ਪਏ ਰਹਿੰਦੇ ਸੀ। ਪਰ ਅੱਜ ਕੁੱਛ ਅਲਹਿਦਾ ਸੀ।
ਮਾਸੀ ਤਾਂ ਝੂਠੀ ਨਹੀਂ ਸੀ...ਉੱਚੀ ਉੱਚੀ ਰੋ ਰਹੀ ਸੀ। ਮੇਰੀ ਮਾਂ ਤਾਂ ਜਿਵੇਂ ਬੇਸੁਰਤ ਹੋਈ ਪਈ ਹੋਵੇ, ਪੱਥਰ ਜਿਹਾ ਬਣੀ ਬੈਠੀ ਸੀ, ਦਾਦੀ ਸਾਡੀ ਪਿੱਟ ਰਹੀ ਸੀ ਜਿਵੇਂ ਕਮਲੀ ਹੋ ਗਈ ਹੋਵੇ। ਨਿੱਕੀ ਭੈਣ ਤਾਂ ਜਿਵੇਂ ਪਲਕਾਂ ਝਪਕਣੀਆਂ ਭੁੱਲ ਗਈ ਹੋਵੇ। ਪਤਾ ਨਹੀਂ ਕੁੱਛ ਸਮਝ ਨਹੀਂ ਸੀ ਆ ਰਿਹਾ...ਅਸਲ ਵਿੱਚ ਮੈਂ ਕਦੇ ਮਰਿਆ ਬੰਦਾ ਨਹੀਂ ਸੀ ਦੇਖਿਆ। ਭੋਰਾ ਕੂ ਸੀ ਮੈਂ ਹਾਲੇ ਬਹੁਤ ਕੁੱਛ ਫਰੋਲਣਾ ਖੋਲਣਾ ਸੀ...ਮੇਰਾ ਮਨ ਬਹੁਤ ਕਾਹਲਾ ਪੈ ਰਿਹਾ ਸੀ...
ਪਤਾ ਨਹੀਂ ਕੌਣ ਸੀ ਜਿੰਨਾਂ ਨੇ ਮੈਨੂੰ ਕੰਧ ਉੱਪਰੋਂ ਚੱਕ ਕੇ ਗੁਵਾਂਢੀਆਂ ਨੂੰ ਫੜਾ ਦਿੱਤਾ। ਉਥੇ ਸਾਰਾ ਕੁੱਛ ਬਦਲ ਗਿਆ ਜਿਵੇਂ ਇੱਕ ਹੋਰ ਦਿਨ ਚੜ ਆਇਆ ਸੀ।
ਉਹਨਾਂ ਦੇ ਘਰ ਸਭ ਕੁੱਛ ਆਮ ਜਿਹਾ ਲੱਗ ਰਿਹਾ ਸੀ। ਹਲਕਾ ਹਲਕਾ ਰੇਡੀਓ ਲੱਗਾ ਹੋਇਆ ਸੀ, ਸ਼ਾਇਦ ਗਜਰੇਲਾ ਬਣ ਰਿਹਾ ਸੀ, ਮੈਂ ਜਿਉਂ ਹੋਇਆ ਮਿੱਠੇ ਦਾ ਸ਼ੁਕੀਨ...ਗੋਈ ਅਤੇ ਕਾਕੀ ਪਤਾ ਨਹੀਂ ਕਿਉਂ ਮੈਨੂੰ ਹਸਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਮੈਨੂੰ ਝੋਲਾ ਜਿਹਾ ਯਾਦ ਹੈ, ਉਹ ਮੇਰੀ ਹਰ ਮੰਗ ਪੂਰੀ ਕਰ ਰਹੇ ਸੀ। ਉਹਨਾਂ ਮੇਰੇ ਕਹੇ ‘ਤੇ ਗੁੜ ਦੀ ਪੈਸੀ ਕੁੱਟ ਕੇ ਕੜਾਹੀ ਵਿੱਚ ਗਰਮ ਕਰਨੀ ਸ਼ੂਰੁ ਕਰ ਦਿੱਤੀ ਸੀ।
ਸ਼ਾਇਦ ਅਸੀਂ ਜਦ ਵੀ ਨਾਨਕੇ ਜਾਣਾ ਤਾਂ ਬੇਲਣੇ ਕੋਲ ਬੈਠੇ ਰਹਿਣਾ ਜਾਂ ਚੁੱਭੇ ਲਾਗੇ ਹੋ ਜਾਣਾ, ਨਿਖਰ ਦੀ ਪੱਤ ਵੱਲ ਦੇਖਦੇ ਰਹਿਣਾ...ਕਦੇ ਝੁਲਕਾ ਲਾਉਣਾ ਤੇ ਕਦੇ ਗੰਡ ਤੇ ਚੂਹੇ ਦੀ ਉਡੀਕ ਕਰਨੀ। ਛੇ ਪੱਤਾਂ ਪੈਂਦੀਆਂ ਸੀ ਉਦੋਂ ਸਾਰੇ ਦਿਨ ਵਿੱਚ ਤੇ ਤਕਾਲਾਂ ਤਾਈ ਗੁੜ ਤੇ ਰੱਸ ਖਾਣ ਨਾਲ ਢਿੱਡ ਵਿਛ ਗੜੂ ਗੜੂ ਹੋ ਜਾਣੀ।
ਐਨੇ ਨੂੰ ਸੁਣਿਆ ਥੋੜਾ ਮਿੱਠਾ ਹੋਰ ਪਾ ਦਿਓ...ਫੇਰ ਇੱਕ ਸਿਆਣੀ ਆਵਾਜ਼ ਆਈ, “ਤਿਆਰੀ ਹੋ ਗਈ ਹੈ ਇਹਨੂੰ ਭੇਜ ਦਿਓ”।
ਉਹ ਮੈਨੂੰ ਚੱਕ ਕੇ ਦੋਹਾ ਘਰਾਂ ਦੀ ਵਿਚਲੀ ਕੰਧ ਤੇ ਚੜਾਂ ਰਹੇ ਸੀ...ਬੜੀ ਖਿੱਚ ਧੂਹ ਜਿਹੀ ਹੋ ਰਹੀ ਸੀ ਮੇਰੇ ਨਾਲ।
ਸਮਾਂ ਰੁਕ ਗਿਆ ਤੇ ਸਭ ਕੁੱਛ ਕਾਹਲੀ ਕਾਹਲੀ ਹੋਣ ਲੱਗ ਪਿਆ। ਬੱਸ ਮੈਂ ਦੇਖਦਾ ਹੀ ਰਹਿ ਗਿਆ...ਕੁੱਛ ਬੰਦਿਆਂ ਨੇ ਸਾਡੇ ਪਿਤਾ ਜੀ ਨੂੰ ਫੜਿਆ ਹੋਇਆ ਸੀ ਤੇ ਨਵਾਂ ਨਕੋਰ ਚਿੱਟਾ ਕੁੜਤਾ ਪਜਾਮਾ ਪਾ ਰਹੇ ਸੀ। ਹੁਣ ਤਾਂ ਮੈਨੂੰ ਵੀ ਕੰਧ ਟਪਣ ਦੀ ਕਾਹਲ ਸੀ। ਐਨੇ ਨੂੰ ਕਿਸੇ ਨੇ ਤਿਆਰ ਹੋ ਕੇ ਪੋੜੀ ਤੇ ਲਿਟਾਏ ਪਿਤਾ ਜੀ ਤੇ ਉੱਪਰ ਚਿੱਟਾ ਕੱਪੜਾ ਪਾ ਦਿੱਤਾ। ਕੋਈ ਕਹਿ ਰਿਹਾ ਸੀ, “ਆਖਰੀ ਵੇਲਾ ਹੈ ਇਹਨੂੰ ਆਪਣੇ ਪਿਤਾ ਨਾਲ ਮਿੱਠੀ ਕਰ ਲੈਣ ਦਿਓ”। ਤੇ ਫੇਰ ਇੱਕ ਆਵਾਜ਼ ਆਈ, “ਹੁਣ ਦੇਰ ਹੋ ਗਈ ਰਹਿਣ ਦਿਓ...ਨਾਲੇ ਨਿੱਕੇ ਜਿਹੇ ਜਵਾਕ ਨੂੰ ਸਦਮਾ ਲੱਗੂ”।
ਮੈਨੂੰ ਹਾਲੇ ਵੀ ਜੱਦ ਇਹ ਯਾਦ ਆਉਂਦਾ ਤਾਂ ਮੈਂ ਸੋਚਦਾ ਕੀ ਪੁੱਤ ਵੱਲੋਂ ਪਿਤਾ ਦੇ ਨਾਲ ਕੀਤੀ ਮਿੱਠੀ ਕਿੱਦਾਂ ਦੀ ਹੋਵੇਗੀ
ਤੇ ਮੈਂ ਅਸਲ ਵਿੱਚ ਜਾਨਣਾ ਵੀ ਨਹੀਂ ਚਾਹੁੰਦਾ ਹੁਣ ਇਹ ਕਿਉਂ ਪਤਾ ਕਰਨਾ ਮੈਂ।
ਪਰ ਮੈਂ ਆਪਣੇ ਦਾਦਾ ਜੀ ਨੂੰ ਆਪਣਾ ਪੁੱਤ ਤੋਰਦਿਆਂ ਦੇਖਿਆ ਹੋਇਆ ਹੈ...ਸ਼ਾਇਦ ਇਸੇ ਕਰਕੇ ਮੈਂ ਆਪਣੇ ਪੁੱਤ ਨੂੰ ਕਹਿੰਦਾ ਰਹਿੰਦਾ ਪੁੱਤਰਾਂ ਤੂੰ ਮੈਨੂੰ ਡੱਬੇ ਵਿੱਚ ਲੈ ਕੇ ਜਾਣਾ ਮੈਂ ਤੈਨੂੰ ਨਹੀਂ ਤੇ ਉਹਦਾ ਵੀ ਇੱਕੋ ਜਵਾਬ ਹੁੰਦਾ “How many times you have to remind me this!” ਤੇ ਇਉਂ ਕਹਿ ਕੇ ਮੈਂ ਉਹਨੂੰ ਘੁੱਟ ਕੇ ਜੱਫੀ ਪਾ ਲੈਨਾ ਤੇ ਕਹਿ ਦਿੰਨਾ, “ਜਿਉਂਦੇ ਰਹੋ ਭਾਈ! ਜਵਾਨੀਆਂ ਮਾਣੋ!”